ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਮਗਰੋਂ ਹੁਣ ਮਾਂਟਰੀਅਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਂਟਰੀਅਲ ‘ਚ ਪੰਜਾਬੀ ਲੜਕੀ ਗਗਨਦੀਪ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੰਜਾਬੀ ਕੁੜੀ ਕੰਮ ‘ਤੇ ਜਾ ਰਹੀ ਸੀ। ਵੇਰਵਿਆਂ ਮੁਤਾਬਕ ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਮਾਂਟਰੀਅਲ ‘ਚ ਇਕੱਲੀ ਰਹਿੰਦੀ ਸੀ। ਉਹ ਪੰਜ ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਗਨਦੀਪ ਆਪਣੇ ਪਿੱਛੇ ਆਪਣੇ ਪਤੀ ਅਤੇ ਛੇ ਸਾਲ ਦੀ ਧੀ ਨੂੰ ਛੱਡ ਗਈ ਹੈ, ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ। ਗਗਨਦੀਪ ਕੌਰ ਦੇ ਨਾਮ ‘ਤੇ ਗੋਫੰਡਮੀ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਇਕੱਠੇ ਹੋਏ ਪੈਸਿਆਂ ਦੀ ਮਦਦ ਨਾਲ ਉਸ ਦੇ ਅੰਤਿਮ ਸੰਸਕਾਰ ਦੀ ਲਾਗਤ ਤੋਂ ਇਲਾਵਾ ਉਸਦੇ ਪਤੀ ਅਤੇ ਧੀ ਨੂੰ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਨ ‘ਚ ਮਦਦ ਕਰਨਾ ਹੈ। ਗੋਫੰਡਮੀ ਫੰਡਰੇਜ਼ਰ ਪੇਜ਼ ‘ਤੇ ਦੱਸਿਆ ਗਿਆ ਹੈ ਕਿ ਗਗਨਦੀਪ ਕੈਨੇਡਾ ‘ਚ ਉੱਚ ਸਿੱਖਿਆ ਲਈ ਪੜ੍ਹ ਰਹੀ ਸੀ ਤਾਂ ਜੋ ਉਸਦਾ ਪਰਿਵਾਰ ਇਕ ਦਿਨ ਕੈਨੇਡਾ ‘ਚ ਖੁਸ਼ਹਾਲ ਜੀਵਨ ਜੀ ਸਕੇ। ਉਸਦਾ ਪਤੀ ਅਤੇ ਧੀ ਹਾਲੇ ਪੰਜਾਬ ‘ਚ ਹੀ ਸਨ ਅਤੇ ਕੈਨੇਡਾ ਪਹੁੰਚਣ ਦਾ ਸੁਪਨਾ ਦੇਖ ਰਹੇ ਸਨ ਕਿ ਇਹ ਭਾਣਾ ਵਾਪਰ ਗਿਆ।