ਕੁਝ ਸਮੇਂ ਤੋਂ ਬਾਗ਼ੀ ਸੁਰ ਅਪਣਾ ਰਹੇ ਅਤੇ ਪਿਛਲੇ ਦਿਨੀਂ ਅਕਾਲੀ ਦਲ ‘ਚੋਂ ਕੱਢੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮਿਲ ਕੇ ਹਲਕਾ ਭੁਲੱਥ ਵਿੱਚ ‘ਸ਼ਕਤੀ ਪ੍ਰਦਰਸ਼ਨ’ ਕਰਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਦੀ ਅਕਾਲੀ ਦਲ ‘ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ। ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਖ਼ਿਲਾਫ਼ ਕਾਰਵਾਈ ਔਖੇ ਮਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਚੱਲਦੀ ਨਹੀਂ। ਉਨ੍ਹਾਂ ਕਿਹਾ ਕਿ ਬਰਾੜ ਟਾਇਮ ਲੈ ਕੇ ਵੀ ਨਹੀਂ ਪਹੁੰਚੇ। ਚੰਗਾ ਹੁੰਦਾ ਕਿ ਅੱਜ ਆ ਕੇ ਆਪਣਾ ਪੱਖ ਰੱਖਦੇ ਤਾਂ ਜੋ ਉਨ੍ਹਾਂ ਦੀ ਸੁਣਵਾਈ ਕਰ ਕੇ ਫੈਸਲਾ ਲੈਂਦੇ।