ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ‘ਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਨਅਤੀ ਉਤਪਾਦਨ ‘ਚ ਆਏ ਨਿਘਾਰ ਨੂੰ ਦਰਸਾਉਂਦੇ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਮੋਦੀ ਸਰਕਾਰ ਨੂੰ ਆਰਥਿਕ ਫਰੰਟ ‘ਤੇ ਘੇਰਿਆ। ਮੋਇਤਰਾ ਨੇ ਅਰਥਚਾਰੇ ਨੂੰ ਚਲਾਉਣ ਦੇ ਮੋਦੀ ਸਰਕਾਰ ਦੇ ਢੰਗ ਤਰੀਕੇ ‘ਤੇ ਉਜ਼ਰ ਜਤਾਉਂਦਿਆਂ ਸਵਾਲ ਕੀਤਾ ਕਿ ‘ਹੁਣ ਪੱਪੂ ਕੌਣ ਹੈ?’ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ‘ਤੇ ਖਰਚੇ ਕਰੋੜਾਂ ਰੁਪਏ ਲਈ ਪੰਜਾਬ ਸਰਕਾਰ ਨੂੰ ਭੰਡਿਆ। ਬੀਬਾ ਬਾਦਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣਾ ਮਾਲੀਆ ਵਧਾਉਣ ਲਈ ਸਰਕਾਰੀ ਇਸ਼ਤਿਹਾਰਾਂ ‘ਤੇ ਜੀ.ਐੱਸ.ਟੀ. ਵਧਾਏ। ਵਿੱਤੀ ਸਾਲ 2022-23 ਲਈ ਵਧੀਕ ਗਰਾਂਟਾਂ ਦੀ ਮੰਗ ਨੂੰ ਲੈ ਕੇ ਲੋਕ ਸਭਾ ‘ਚ ਚੱਲ ਰਹੀ ਵਿਚਾਰ ਚਰਚਾ ‘ਚ ਸ਼ਾਮਲ ਹੁੰਦਿਆਂ ਟੀ.ਐੱਮ.ਸੀ. ਦੀ ਤੇਜ਼-ਤਰਾਰ ਆਗੂ ਨੇ ਕਿਹਾ, ‘ਇਸ ਸਰਕਾਰ ਤੇ ਸੱਤਾਧਾਰੀ ਪਾਰਟੀ ਨੇ ‘ਪੱਪੂ’ ਨਾਮ ਘੜਿਆ ਸੀ। ਤੁਸੀਂ ਇਸ ਦੀ ਵਰਤੋਂ ਬਹੁਤ ਜ਼ਿਆਦਾ ਅਯੋਗਤਾ ਨੂੰ ਦਰਸਾਉਣ ਲਈ ਤੇ ਬਦਨਾਮ ਕਰਨ ਲਈ ਕਰਦੇ ਹੋ। ਪਰ ਅੰਕੜੇ ਸਾਨੂੰ ਦੱਸਦੇ ਹਨ ਕਿ ਅਸਲ ‘ਚ ਪੱਪੂ ਕੌਣ ਹੈ।’ ਮੋਇਤਰਾ ਨੇ ਨਰਿੰਦਰ ਮੋਦੀ ਸਰਕਾਰ ‘ਤੇ ਇੰਡੀਆ ਦੇ ਵਿਕਾਸ ਬਾਰੇ ‘ਝੂਠ-ਫ਼ਰੇਬ’ ਫੈਲਾਉਣ ਦਾ ਦੋਸ਼ ਲਾਉਂਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਪੀਲ ਕੀਤੀ ਕਿ ਉਹ ਡਿੱਗਦੇ ਅਰਥਚਾਰੇ ਨੂੰ ਨੱਥ ਪਾਉਣ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਸੱਜਰੇ ਡੇਟਾ ਦੇ ਹਵਾਲੇ ਨਾਲ ਮੋਇਤਰਾ ਨੇ ਦਾਅਵਾ ਕੀਤਾ ਕਿ ਅਕਤੂਬਰ ਮਹੀਨੇ ਦੇਸ਼ ਦਾ ਸਨਅਤੀ ਉਤਪਾਦਨ ਚਾਰ ਫੀਸਦ ਦੇ ਕਰੀਬ ਸੁੰਗੜਿਆ ਹੈ, ਜੋ ਪਿਛਲੇ 26 ਮਹੀਨਿਆਂ ‘ਚ ਸਭ ਤੋਂ ਹੇਠਲਾ ਪੱਧਰ ਹੈ। ਉਤਪਾਦਨ ਸੈਕਟਰ, ਜਿੱਥੋਂ ਅਜੇ ਤੱਕ ਸਭ ਤੋਂ ਵੱਧ ਰੁਜ਼ਗਾਰ ਪੈਦਾ ਹੁੰਦਾ ਹੈ, 5.6 ਫੀਸਦ ਤੱਕ ਸੁੰਗੜਿਆ ਹੈ। ਟੀ.ਐੱਮ.ਸੀ. ਆਗੂ ਨੇ ਕਿਹਾ, ‘ਸਨਅਤੀ ਉਤਪਾਦਨ ਸੂਚਕ ਅੰਕ ਨਿਰਧਾਰਿਤ ਕਰਨ ਵਾਲੇ 17 ਸਨਅਤੀ ਸੈਕਟਰਾਂ ਨੇ ਨਕਾਰਾਤਮਕ ਵਾਧਾ ਦਰਜ ਕੀਤਾ ਹੈ। ਵਿਦੇਸ਼ੀ ਕਰੰਸੀ ਭੰਡਾਰ ਇਕ ਸਾਲ ‘ਚ 72 ਅਰਬ ਡਾਲਰ ਡਿੱਗਿਆ ਹੈ।’ ਮੋਇਤਰਾ ਨੇ ਭਾਜਪਾ ਨੂੰ ਹਾਲੀਆ ਹਿਮਾਚਲ ਪ੍ਰਦੇਸ਼ ਅਸੈਂਬਲੀ ਚੋਣਾਂ ‘ਚ ਮਿਲੀ ਹਾਰ ‘ਤੇ ਤਨਜ਼ ਕਸਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਤਾਂ ਆਪਣੇ ਪਿੱਤਰੀ ਰਾਜ ‘ਤੇ ਹੀ ਪਕੜ ਕਾਇਮ ਨਹੀਂ ਰੱਖ ਸਕਿਆ। ਉਨ੍ਹਾਂ ਕਿਹਾ, ‘ਹੁਣ ਦੱਸੋ ਪੱਪੂ ਕੌਣ ਹੈ?’