ਨੇਪਾਲ ‘ਚ ਧਾਰਮਿਕ ਸਮਾਗਮ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਕਾਵਰੇਪਲਨ ਚੌਕ ‘ਚ ਹਾਦਸਾਗ੍ਰਸਤ ਹੋ ਗਈ। ਪੁਲੀਸ ਮੁਤਾਬਕ ਇਹ ਹਾਦਸਾ ਸ਼ਾਮ ਕਰੀਬ ਛੇ ਵਜੇ ਗ੍ਰਾਮੀਣ ਨਗਰ ਪਾਲਿਕਾ ਦੇ ਚਨਾਲ ਗਣੇਸ਼ਥਾਨ ਦੇ ਸਲਾਫੇਡ ਵਿਖੇ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ 13 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਹੋਰਾਂ ਨੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੇ ਸਮੇਂ ਬੱਸ ‘ਚ 39 ਲੋਕ ਸਵਾਰ ਸਨ। ਰਾਜਧਾਨੀ ਕਾਠਮੰਡੂ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬੇਥਾਨਚੌਕ ਖੇਤਰ ਖੜ੍ਹੀਆਂ ਸੜਕਾਂ ਅਤੇ ਤੰਗ ਢਲਾਣਾਂ ਨਾਲ ਭਰਿਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਖ਼ਮੀਆਂ ਦਾ ਸ਼ੇਰ ਮੈਮੋਰੀਅਲ ਹਸਪਤਾਲ ਅਤੇ ਧੂਲੀਖੇਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਧਾਰਮਿਕ ਸਮਾਗਮ ਤੋਂ ਲੋਕਾਂ ਨੂੰ ਘਰ ਲੈ ਜਾ ਰਹੀ ਸੀ। ਨੇਪਾਲ ਪੁਲੀਸ ਅਤੇ ਨੇਪਾਲ ਸੈਨਾ ਦੀ ਟੀਮ ਜ਼ਖਮੀ ਯਾਤਰੀਆਂ ਨੂੰ ਬਚਾ ਰਹੀ ਹੈ।