ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਦੇ ਪੂਲ ਬੀ ‘ਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ‘ਚ ਚਿਲੀ ਨੂੰ 3-1 ਨਾਲ ਹਰਾਇਆ ਸੀ। ਇੰਡੀਆ ਲਈ ਸਲੀਮਾ ਟੇਟੇ ਨੇ ਚੌਥੇ ਮਿੰਟ ‘ਚ ਪਹਿਲਾ ਗੋਲ ਕੀਤਾ। ਇੰਡੀਆ ਦੀ ਇਕ ਗੋਲ ਦੀ ਬੜ੍ਹਤ ਅੱਧੇ ਸਮੇਂ ਤੱਕ ਬਰਕਰਾਰ ਰਹੀ। ਤੀਜੇ ਕੁਆਰਟਰ ‘ਚ ਬਿਊਟੀ ਡੁੰਗਡੁੰਗ ਨੇ ਖ਼ੂਬਸੂਰਤ ਮੈਦਾਨੀ ਗੋਲ ਕਰਕੇ ਇੰਡੀਆ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ ਤੀਜੇ ਕੁਆਰਟਰ ਦੇ ਤੀਜੇ ਮਿੰਟ ‘ਚ ਜਾਪਾਨ ਦੇ ਤਾਕਾਸ਼ਿਮਾ ਰੁਈ ਨੇ ਭਾਰਤੀ ਡਿਫੈਂਸ ਨੂੰ ਤੋੜ ਕੇ ਸਕੋਰ 2-1 ਕਰ ਦਿੱਤਾ। ਜਾਪਾਨ ਦੀ ਟੀਮ ਦੋ ਮੈਚਾਂ ‘ਚ ਇਕ ਜਿੱਤ ਅਤੇ ਇਕ ਹਾਰ ਦੇ ਬਾਅਦ ਦੂਜੇ ਸਥਾਨ ‘ਤੇ ਹੈ। ਸਪੇਨ ਦੋਵੇਂ ਮੈਚ ਜਿੱਤ ਕੇ ਪੂਲ ਏ ‘ਚ ਸਿਖਰ ‘ਤੇ ਹੈ ਜਦਕਿ ਆਇਰਲੈਂਡ ਦੂਜੇ ਸਥਾਨ ‘ਤੇ ਹੈ। ਇਟਲੀ ਅਤੇ ਕੋਰੀਆ ਇਕ ਹਾਰ ਅਤੇ ਇਕ ਡਰਾਅ ਤੋਂ ਬਾਅਦ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਹਨ।