ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ‘ਤੇ ਭਾਰੀ ਭੀੜ ਵੱਡਾ ਮੁੱਦਾ ਬਣ ਗਿਆ ਹੈ ਪਰ ਇਸ ਸਮੱਸਿਆ ਤੋਂ ਹਾਲੇ ਅਗਲੇ ਕਈ ਦਿਨ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਕਿ ਪਾਰਲੀਮੈਂਟ ਦੀ ਸਥਾਈ ਕਮੇਟੀ ਵੀ ਇਸ ਦਾ ਨੋਟਿਸ ਲੈ ਚੁੱਕੀ ਹੈ। ਇੰਡੀਆ ਦੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਇਸ ਮਾਮਲੇ ‘ਤੇ ਦਿੱਤੇ ਬਿਆਨ ‘ਚ ਖੁਦ ਹਫਤਾ ਦਸ ਦਿਨ ਇਸੇ ਤਰ੍ਹਾਂ ਰਹਿਣ ਦੀ ਗੱਲ ਆਖੀ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਲੰਬੀਆਂ-ਲੰਬੀਆਂ ਲਾਈਨਾਂ ਕਾਰਨ ਉਨ੍ਹਾਂ ਦੀਆਂ ਉਡਾਣਾਂ ਵੀ ਮਿਸ ਹੋ ਰਹੀਆਂ ਹਨ। ਸਿੰਧੀਆ ਨੇ ਕਿਹਾ ਕਿ ਦਿੱਲੀ ਏਅਰਪੋਰਟ ‘ਤੇ ਯਾਤਰੀਆਂ ਦੀ ਭਾਰੀ ਭੀੜ ‘ਅਚਨਚੇਤ’ ਸੀ, ਜਿਸ ਕਾਰਨ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਲਈ ਇੰਨੀ ਭੀੜ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਏਅਰਪੋਰਟ ‘ਤੇ ਚੰਗੀ ਸੇਵਾ ਪ੍ਰਦਾਨ ਕਰਨਾ ਏਅਰਪੋਰਟ ਆਪ੍ਰੇਟਰ ਦੀ ਜ਼ਿੰਮੇਵਾਰੀ ਹੈ। ਮੈਂ ਇਸ ਸਬੰਧੀ ਸਾਰੇ ਏਅਰਪੋਰਟਾਂ ਦੇ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ। ਅਗਲੇ 7-10 ਦਿਨਾਂ ‘ਚ ਦਿੱਲੀ ਏਅਰਪੋਰਟ ‘ਤੇ ਭੀੜ ਆਮ ਵਾਂਗ ਹੋ ਜਾਵੇਗੀ। ਦਿੱਲੀ ਏਅਰਪੋਰਟ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ ਜਿਸ ਦੇ ਮੁਤਾਬਕ ਏਅਰਪੋਰਟ ‘ਤੇ ਲੱਗਣ ਵਾਲੇ ਸਮੇਂ ‘ਚ ਕਾਫੀ ਸੁਧਾਰ ਹੋਇਆ ਹੈ। ਸਿੰਧੀਆ ਨੇ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਸੁਰੱਖਿਆ ਚੌਕੀਆਂ ਦੀ ਗਿਣਤੀ 20 ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ, ‘ਅਸੀਂ ਸਾਰੇ ਬੇਲੋੜੇ ਬੈਰੀਕੇਡ ਵੀ ਹਟਾ ਦਿੱਤੇ ਗਏ ਹਨ।’ ਇਸ ਤੋਂ ਪਹਿਲਾਂ ਸਿੰਧੀਆ ਨੇ ਸੋਮਵਾਰ ਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ-3 ਦਾ ਅਚਨਚੇਤ ਨਿਰੀਖਣ ਵੀ ਕੀਤਾ ਸੀ। ਟਰਮੀਨਲ ‘ਤੇ ਯਾਤਰੀਆਂ ਵੱਲੋਂ ਭੀੜ-ਭੀੜ ਵਾਲੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਦਿੱਲੀ ਏਅਰਪੋਰਟ ਦਾ ਦੌਰਾ ਕਰਨ ਆਏ ਸਨ। ਦਿੱਲੀ ਏਅਰਪੋਰਟ ‘ਤੇ ਪਿਛਲੇ ਇਕ ਹਫਤੇ ਤੋਂ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਤੇ ਆਮ ਨਾਲੋਂ ਜ਼ਿਆਦਾ ਯਾਤਰੀ ਆ ਰਹੇ ਹਨ। ਸਰਕਾਰ ਨੇ ਇਸ ਮੁੱਦੇ ‘ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਤਲਬ ਕੀਤਾ ਹੈ।