ਬ੍ਰਿਟੇਨ ‘ਚ ਇਕ ਭਾਰਤੀ ਲੈਕਚਰਾਰ ਨੇ ਪੋਰਟਸਮਾਊਥ ਯੂਨੀਵਰਸਿਟੀ ਖ਼ਿਲਾਫ਼ ਨਸਲੀ ਪੱਖਪਾਤ ਦਾ ਕੇਸ ਜਿੱਤ ਲਿਆ ਹੈ ਕਿਉਂਕਿ ਰੁਜ਼ਗਾਰ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਹੈ ਕਿ ਨੌਕਰੀ ਲਈ ਉਸ ਨੂੰ ਨਜ਼ਰਅੰਦਾਜ਼ ਕਰਕੇ ਉਸ ਨਾਲ ਵਿਤਕਰਾ ਕੀਤਾ ਗਿਆ ਸੀ। ਡਾ. ਕਾਜਲ ਸ਼ਰਮਾ ਨੂੰ ਜਨਵਰੀ 2016 ‘ਚ ਪੰਜ ਸਾਲ ਦੀ ਨਿਸ਼ਚਿਤ ਮਿਆਦ ਲਈ ਯੂਨੀਵਰਸਿਟੀ ‘ਚ ਆਰਗੇਨਾਈਜ਼ੇਸ਼ਨਲ ਸਟੱਡੀਜ਼ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਲਈ ਐਸੋਸੀਏਟ ਹੈੱਡ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਕੋਲ ਇਸ ਅਹੁਦੇ ਲਈ ਦੁਬਾਰਾ ਅਪਲਾਈ ਕਰਨ ਦਾ ਬਦਲ ਸੀ। ਉਸਨੇ ਜਦੋਂ ਅਹੁਦੇ ਲਈ ਮੁੜ ਅਪਲਾਈ ਕੀਤਾ ਤਾਂ ਉਸ ਨੂੰ ਸਿਆਹਫਾਮ ਹੋਣ ਕਾਰਨ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਸਨੇ ਨਵੰਬਰ 2020 ‘ਚ ਯੂਨੀਵਰਸਿਟੀ ਦੀ ਸ਼ਿਕਾਇਤ ਪ੍ਰਕਿਰਿਆ ਤਹਿਤ ਇਸ ਦੀ ਸ਼ਿਕਾਇਤ ਕੀਤੀ ਅਤੇ ਦੋਸ਼ ਲਾਇਆ ਕਿ ਯੂ.ਕੇ. ਦੇ ਸਮਾਨਤਾ ਐਕਟ 2010 ਤਹਿਤ ਉਸ ਨਾਲ ਵਿਤਕਰਾ ਕੀਤਾ ਗਿਆ ਹੈ। ਰੁਜ਼ਗਾਰ ਟ੍ਰਿਬਿਊਨਲ ਨੇ 29 ਨਵੰਬਰ ਦੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਉਹ ਭਾਰਤੀ ਲਹਿਜ਼ੇ ਨਾਲ ਬੋਲਦੀ ਹੈ ਜਿਸ ਕਾਰਨ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਠੀਕ ਨਹੀਂ ਸੀ। ਉਧਰ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ, ‘ਪੋਰਟਸਮਾਊਥ ਯੂਨੀਵਰਸਿਟੀ ‘ਚ ਨਸਲੀ ਪੱਖਪਾਤ ਬਾਰੇ ਕੋਈ ਬਹਾਨਾ ਨਹੀਂ ਸੁਣਿਆ ਜਾਵੇਗਾ। ਅਸੀਂ ਆਪਣੇ ਸਾਥੀਆਂ ਦੀ ਇਕ ਸੰਮਲਿਤ ਅਤੇ ਵੱਖਰਾ ਭਾਈਚਾਰਾ ਬਣਾਉਣ ਲਈ ਹਰ ਸੰਭਵ ਮਦਦ ਕਰਾਂਗੇ ਜਿਸ ਨਾਲ ਸਭਨਾਂ ਦੀ ਇੱਜ਼ਤ ਅਤੇ ਮਾਨ ਵਧੇ।’