ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਹਨ ਕਿ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਹੋਵੇਗਾ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਵਿਧਾਨ ਸਭਾ ‘ਚ ਕੋਈ ਮਤਾ ਨਹੀਂ ਪਾਇਆ ਅਤੇ ਨਾ ਹੀ ਕੇਂਦਰ ਸਰਕਾਰ ਦੀ ਹਾਲੇ ਤੱਕ ਅਜਿਹੀ ਕੋਈ ਤਜਵੀਜ਼ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਲਵਾਰਾ ਦੇ ਹਵਾਈ ਅੱਡੇ ਦਾ ਨਾਮ ‘ਸਰਦਾਰ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ’ ‘ਤੇ ਰੱਖਣ ਬਾਰੇ ਕੋਈ ਤਜਵੀਜ਼ ਨਹੀਂ ਭੇਜੀ ਗਈ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਹਵਾਈ ਅੱਡੇ ਦਾ ਨਾਂ ਉਸ ਸ਼ਹਿਰ ਦੇ ਨਾਮ ‘ਤੇ ਰੱਖਿਆ ਜਾਂਦਾ ਹੈ, ਜਿੱਥੇ ਹਵਾਈ ਅੱਡਾ ਸਥਾਪਤ ਹੁੰਦਾ ਹੈ। ਜੇਕਰ ਸੂਬਾ ਸਰਕਾਰ ਕਿਸੇ ਖ਼ਾਸ ਹਸਤੀ ਦੇ ਨਾਮ ‘ਤੇ ਹਵਾਈ ਅੱਡੇ ਦਾ ਨਾਂ ਰੱਖਣ ਦੀ ਇੱਛੁਕ ਹੁੰਦੀ ਹੈ ਤਾਂ ਇਸ ਬਾਰੇ ਰਾਜ ਵਿਧਾਨ ਸਭਾ ‘ਚ ਮਤਾ ਪਾਸ ਕਰਨਾ ਪੈਂਦਾ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਲਿਖਤੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਹਲਵਾਰਾ ਏਅਰਪੋਰਟ ਦੇ ਨਾਮਕਰਨ ਬਾਰੇ ਕੋਈ ਤਜਵੀਜ਼ ਕੇਂਦਰ ਸਰਕਾਰ ਨੂੰ ਨਹੀਂ ਭੇਜੀ ਹੈ। ਸੂਬਾ ਸਰਕਾਰ ਦੀ ਤਜਵੀਜ਼ ਮਗਰੋਂ ਸਬੰਧਤ ਕੇਂਦਰੀ ਮੰਤਰਾਲਿਆਂ ਨਾਲ ਮਸ਼ਵਰਾ ਕੀਤਾ ਜਾਂਦਾ ਹੈ ਅਤੇ ਆਖ਼ਰੀ ਪ੍ਰਵਾਨਗੀ ਵਾਸਤੇ ਮਾਮਲਾ ਕੇਂਦਰੀ ਕੈਬਨਿਟ ਕੋਲ ਭੇਜਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੁਹਾਲੀ ਦੇ ਏਅਰਪੋਰਟ ਦਾ ਨਾਮਕਰਨ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕਿਹਾ ਸੀ ਕਿ ਉਹ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਪੂਰੀ ਕਰਨਗੇ। ਸੂਬੇ ‘ਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ ਸੀ ਤਾਂ ਉਦੋਂ ਹਲਵਾਰਾ ਏਅਰਪੋਰਟ ਦੀ ਉਸਾਰੀ ਵਾਸਤੇ ਚੋਣਾਂ ਤੋਂ ਐਨ ਪਹਿਲਾਂ ਫ਼ੰਡ ਜਾਰੀ ਕੀਤੇ ਗਏ ਸਨ ਪਰ ਨਵੀਂ ਸਰਕਾਰ ਨੇ ਇਕ ਵਾਰ ਫ਼ੰਡ ਰੋਕ ਲਏ ਸਨ ਜਿਸ ਕਰਕੇ ਏਅਰਪੋਰਟ ਦੀ ਉਸਾਰੀ ਰੁਕ ਗਈ ਸੀ। ਮਗਰੋਂ ਸਰਕਾਰ ਨੇ 49 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ। ਹਲਵਾਰਾ ਏਅਰਪੋਰਟ ਬਣਾਉਣ ਵਾਸਤੇ ਕਾਂਗਰਸ ਸਰਕਾਰ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏ.ਏ.ਆਈ.) ਦਰਮਿਆਨ 20 ਦਸੰਬਰ 2018 ਨੂੰ ਸਮਝੌਤਾ ਹੋਇਆ ਸੀ। ਸਾਂਝੀ ਭਾਈਵਾਲੀ ਤਹਿਤ ਏ.ਏ.ਆਈ. ਨੇ 51 ਫ਼ੀਸਦੀ ਅਤੇ ਪੰਜਾਬ ਸਰਕਾਰ ਨੇ 49 ਫ਼ੀਸਦੀ ਖਰਚਾ ਚੁੱਕਣਾ ਸੀ। ਮੁੱਖ ਸਕੱਤਰ ਪੰਜਾਬ ਅਤੇ ਏ.ਏ.ਆਈ. ਦੇ ਚੇਅਰਮੈਨ ਦੀ 5 ਜੂਨ 2020 ਨੂੰ ਇਕ ਮੀਟਿੰਗ ਹੋਈ ਸੀ ਜਿਸ ‘ਚ 300 ਯਾਤਰੀਆਂ ਦੀ ਸਮਰੱਥਾ ਵਾਲੇ ਟਰਮੀਨਲ ਦੀ ਇਮਾਰਤ ਦੀ ਉਸਾਰੀ ਕੀਤੀ ਜਾਣੀ ਸੀ। ਮੁੱਖ ਮੰਤਰੀ ਨੇ 9 ਨਵੰਬਰ 2022 ਨੂੰ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਹਲਵਾਰਾ ਏਅਰਪੋਰਟ ਦੀ ਉਸਾਰੀ ਦਾ ਕੰਮ ਪੰਜਾਬ ਸਰਕਾਰ ਕਰਾਏਗੀ। ਏਅਰਪੋਰਟ ਦੀ ਚਾਰਦੀਵਾਰੀ ਅਤੇ ਸੜਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਹਲਵਾਰਾ ਏਅਰਪੋਰਟ ਦਾ ਨਾਮਕਰਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਕੀਤੇ ਜਾਣ ਬਾਰੇ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਇਸ ਏਅਰਪੋਰਟ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਾਏਗੀ ਤੇ ਉਸ ਮਗਰੋਂ ਹੀ ਨਾਮਕਰਨ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।