ਲੰਮੀ ਗੈਰਗਾਜ਼ਰੀ ਮਗਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤ ਆਏ ਹਨ। ਆਉਂਦੇ ਹੀ ਉਨ੍ਹਾਂ ਜਿੱਥੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ, ਉਥੇ ਹੀ ਉਹ ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਵੀ ਸ਼ਾਮਲ ਹੋਏ। ਕਰੀਬ ਪੌਣੇ ਛੇ ਮਹੀਨਿਆਂ ਪਿੱਛੋਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਟਵੀਟ ਕੀਤਾ। ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ‘ਚ ਦਾਖਲ ਹੋਣ ਤੋਂ ਪਹਿਲਾਂ ਉਹ ਵਿਦੇਸ਼ ਤੋਂ ਪਰਤੇ ਹਨ। ਚੰਨੀ ਦੀ ਗੈਰ-ਮੌਜੂਦਗੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਤਨਜ਼ ਕਸੇ ਜਾਂਦੇ ਰਹੇ ਹਨ ਜਦੋਂ ਕਿ ਚੰਨੀ ਨੇ ਕਿਹਾ ਸੀ ਕਿ ਉਹ ਅੱਖਾਂ ਦੇ ਇਲਾਜ ਅਤੇ ਪੀਐਚਡੀ ਦਾ ਥੀਸਿਸ ਲਿਖਣ ਵਾਸਤੇ ਵਿਦੇਸ਼ ਗਏ ਸਨ। ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਸੀ ਅਤੇ ਚੰਨੀ ਇਨ੍ਹਾਂ ਚੋਣਾਂ ਵਿਚ ਭਦੌੜ ਅਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਹਾਰ ਗਏ ਸਨ। ਚੋਣ ਪ੍ਰਚਾਰ ਦੌਰਾਨ ਹੀ ਚੰਨੀ ਦੇ ਕਰੀਬੀ ਰਿਸ਼ਤੇਦਾਰ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਛਾਪਾ ਪਿਆ ਸੀ ਅਤੇ ਕਰੋੜਾਂ ਰੁਪਏ ਦੀ ਰਾਸ਼ੀ ਨਗਦ ਬਰਾਮਦ ਹੋਈ ਸੀ। ਈ.ਡੀ. ਨੇ ਅਪ੍ਰੈਲ ਦੇ ਦੂਸਰੇ ਹਫ਼ਤੇ ਚੰਨੀ ਨੂੰ ਵੀ ਤਲਬ ਕੀਤਾ ਸੀ ਅਤੇ ਪੁੱਛਗਿੱਛ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੀ ਚੰਨੀ ਦੇ ਗ਼ਾਇਬ ਹੋਣ ਦੀ ਗੱਲ ਚੱਲੀ ਸੀ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਚੰਨੀ 21 ਦਸੰਬਰ ਨੂੰ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣਗੇ। ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖ਼ਰੀ ਵਾਰ ਟਵਿੱਟਰ ‘ਤੇ ਸੰਗਰੂਰ ਜ਼ਿਮਨੀ ਚੋਣ ‘ਚ ਜੇਤੂ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦੇਣ ਲਈ ਟਵੀਟ ਕੀਤਾ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਹੋਣ ‘ਤੇ ਅਫ਼ਸੋਸ ਜ਼ਾਹਿਰ ਕੀਤਾ ਸੀ। ਰਾਜਾ ਵੜਿੰਗ ਦੀ ਪ੍ਰਧਾਨਗੀ ਮੌਕੇ ਤਾਜਪੋਸ਼ੀ ਵਾਲੇ ਆਖ਼ਰੀ ਜਨਤਕ ਸਮਾਗਮ ‘ਿਚ ਚੰਨੀ ਦੇਖੇ ਗਏ ਸਨ। ਹੁਣ ਜਦੋਂ ਚੰਨੀ ਵਿਦੇਸ਼ ਤੋਂ ਵਾਪਸ ਆ ਗਏ ਹਨ ਤਾਂ ਸੋਸ਼ਲ ਮੀਡੀਆ ਮੁੜ ਸਰਗਰਮ ਹੋ ਗਿਆ ਹੈ। ਟਵਿੱਟਰ ‘ਤੇ ਚੰਨੀ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਤਨਜ਼ ਕਸੇ ਜਾਣ ਲੱਗੇ ਹਨ। ਚਰਨਜੀਤ ਚੰਨੀ ਦੀ ਵਾਪਸੀ ਮਗਰੋਂ ਹੀ ਪੰਜਾਬ ਦੀ ਸਿਆਸਤ ‘ਚ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ। ਚੰਨੀ ਦੇ ਨੇੜਲੇ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਚੋਣਾਂ ਮਗਰੋਂ ਪਿਛਲੇ ਕੁੱਝ ਦਿਨਾਂ ਤੋਂ ਹੀ ਆਪਣੇ ਹਲਕਾ ਬਠਿੰਡਾ ‘ਚ ਸਰਗਰਮ ਹੋਏ ਹਨ। ਦੂਜੇ ਪਾਸੇ ਵਿਜੀਲੈਂਸ ਵੱਲੋਂ ਵੀ ਚੰਨੀ ਨੂੰ ਪੁੱਛਗਿੱਛ ਲਈ ਸੱਦਣ ਦੀ ਤਿਆਰੀ ‘ਚ ਲੱਗ ਜਾਣ ਦੀਆਂ ਖ਼ਬਰਾਂ ਹਨ।