ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਬੇਅਦਬੀ ਮਾਮਲੇ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਪ੍ਰਭਦੀਪ ਸਿੰਘ ਨੂੰ ਤੱਤਕਾਲੀ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਨੈਸ਼ਨਲ ਹਾਈਵੇ ‘ਤੇ ਚੱਲਦੇ ਧਰਨੇ ਦੌਰਾਨ ਕੀਤਾ। ਉਨ੍ਹਾਂ ਸ਼ਹੀਦੀ ਜੋੜ ਮੇਲੇ, ਮੌਸਮ ਦੇ ਮਿਜ਼ਾਜ਼ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ ‘ਤੇ ਲਗਾਇਆ ਗਿਆ ਜਾਮ ਵੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਸੁਖਰਾਜ ਸਿੰਘ ਨੇ ਗਿਲ਼ਾ ਕੀਤਾ ਕਿ 7 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਤੱਤਕਾਲੀ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਜਿਸ ਦੇ ਰੋਸ ਵਜੋਂ ਉਸ ਦੇ ਭਰਾ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਖੋਲ੍ਹਣ ਉਪਰੰਤ ਇਨਸਾਫ਼ ਮੋਰਚਾ ਪਹਿਲਾਂ ਵਾਂਗ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 7 ਜਨਵਰੀ ਨੂੰ ਤੱਤਕਾਲੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਵੱਡਾ ਫ਼ੈਸਲਾ ਲਿਆ ਜਾਵੇਗਾ। ਇਥੇ ਇਹ ਦੱਸਣਯੋਗ ਹੈ ਕਿ ਪ੍ਰਭਦੀਪ ਸਿੰਘ ਨੂੰ ਤੱਤਕਾਲੀ ਸਰਕਾਰ ਵੱਲੋਂ ਤਰਸ ਦੇ ਆਧਾਰ ‘ਤੇ ਸਰਕਾਰੀ ਸਕੂਲ ਬਹਿਬਲ ਕਲਾਂ ਵਿਖੇ ਬਤੌਰ ਅਧਿਆਪਕ ਨੌਕਰੀ ਦਿੱਤੀ ਸੀ। ਇਸ ਮੌਕੇ ਹੋਰ ਸਿੰਘਾਂ ਨੇ ਕ੍ਰਿਸ਼ਨ ਭਗਵਾਨ ਦੇ ਲੜਕੇ ਸੁਖਰਾਜ ਸਿੰਘ ਅਤੇ ਪ੍ਰਭਦੀਪ ਸਿੰਘ ਦੇ ਇਸ ਫ਼ੈਸਲੇ ਦੀ ਸਰਾਹਣਾ ਕਰਦਿਆਂ ‘ਆਪ’ ਸਰਕਾਰ ‘ਤੇ ਦੋਸ਼ ਲਗਾਇਆ ਕਿ ਸਰਕਾਰ ਸਾਨੂੰ ਇਨਸਾਫ਼ ਦੇਣ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਤੱਤਕਾਲੀ ਸਰਕਾਰ ਸਿਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪਾ ਰਹੀ ਹੈ, ਇਸ ਲਈ ਜਥੇਬੰਦੀ 7 ਜਨਵਰੀ ਨੂੰ ਆਰ-ਪਾਰ ਦੀ ਲੜਾਈ ਦਾ ਐਲਾਨ ਕਰੇਗੀ।